ਨਸ਼ਿਆਂ ਖ਼ਿਲਾਫ਼ ਜੰਗ: ਸੂਬੇ ’ਚੋਂ ਨਸ਼ਾ ਖ਼ਤਮ ਕਰ ਦਿਆਂਗੇ: ਬਲਬੀਰ ਸਿੰਘ
ਪਟਿਆਲਾ/ਨਾਭਾ, : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਰਕਾਰ ਦੀ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਨੂੰ ਪਿੰਡਾਂ ’ਚ ਲੈ ਕੇ ਪੁੱਜ ਰਹੇ ਹਨ। ਇਸ ਤਹਿਤ ਉਨ੍ਹਾਂ ਅੱਜ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਿਆਂ ਬਾਰੇ ਨਾਭਾ ਨੇੜਲੇ ਪਿੰਡ ਰੋਹਟੀ ਬਸਤਾ ਵਿੱਚ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ। ਇਸ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਸਰਕਾਰ ਨੇ ਨਸ਼ਿਆਂ ਦੀ ਸਿਆਸੀ ਪੁਸ਼ਤਪਨਾਹੀ ਬੰਦ ਕਰਵਾ ਦਿੱਤੀ ਹੈ ਅਤੇ ਵਿਰੋਧੀ ਧਿਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ਿਆਂ ਦੇ ਮੁੱਦੇ ’ਤੇ ਸਿਆਸਤ ਦੀ ਬਜਾਏ ਸਰਕਾਰ ਨੂੰ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਅਦੇ ਮੁਤਾਬਕ ਪੰਜਾਬ ’ਚ ਨਸ਼ੇ ਵੇਚਣ ਵਾਲਿਆਂ ਦਾ ਲੱਕ ਤੋੜ ਦਿੱਤਾ ਹੈ ਤੇ ਸਰਕਾਰ ਇਸ ਗੱਲੋਂ ਦ੍ਰਿੜ ਹੈ ਕਿ ਨਸ਼ਾ ਤਸਕਰਾਂ ਨੂੰ ਪੰਜਾਬ ਜਾਂ ਨਸ਼ਾ ਤਸਕਰੀ ਵਿਚੋਂ ਇੱਕ ਜ਼ਰੂਰ ਛੱਡਣਾ ਪਵੇਗਾ। ਸਰਕਾਰ ਨੇ ਅਜਿਹੇ ਮੁਕੰਮਲ ਪ੍ਰਬੰਧ ਕੀਤੇ ਹਨ ਕਿ ਜਵਾਨੀ ਨੂੰ ਸੇਧ ਦੇ ਕੇ ਤਰੱਕੀ ਦੇ ਰਾਹ ਤੋਰਿਆ ਜਾਵੇ ਅਤੇ ਨਸ਼ੇ ਦੇ ਆਦੀਆਂ ਦਾ ਇਲਾਜ ਕਰਕੇ ਉਨ੍ਹਾਂ ਦਾ ਹੁਨਰ ਵਿਕਾਸ ਤੇ ਪੁਨਰਵਾਸ ਕੀਤਾ ਜਾਵੇ। ਸਿਹਤ ਮੰਤਰੀ ਨੇ ਕਿਹਾ ਕਿ ਲੋਕ ਹੁਣ ਨਸ਼ਾ ਤਸਕਰਾਂ ਖਿਲਾਫ਼ ਅੱਗੇ ਆਉਣ ਲੱਗੇ ਹਨ ਤੇ ਰਾਜ ’ਚ ਨਸ਼ਿਆਂ ਦੀ ਸਿਆਸੀ ਪੁਸ਼ਤਪਨਾਹੀ ਖਤਮ ਹੋ ਗਈ ਹੈ। ਉਨ੍ਹਾਂ ਸਰਪੰਚਾਂ ਪੰਚਾਂ ਤੇ ਕੌਂਸਲਰਾਂ ਸਮੇਤ ਹੋਰ ਲੋਕ ਨੁਮਾਇੰਦਿਆਂ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਕਿ ਕਿਹਾ ਕਿ ਲੋਕ ਤਸਕਰਾਂ ਨਾਲ ਹਮਦਰਦੀ ਨਾ ਰੱਖਣ ਬਲਕਿ ਪੁਲੀਸ ਜਾਂ ਨਸ਼ਾ ਵਿਰੋਧੀ ਹੈਲਪ ਲਾਈਨ ਨੰਬਰ 9779500200 ’ਤੇ ਸੂਚਨਾ ਦੇਣ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਵੀ ਗੁਪਤ ਰੱਖੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਏਡੀਸੀ ਅਨੁਪ੍ਰਿਤਾ ਜੌਹਲ, ਐੱਸਡੀਐੱਮ. ਡਾ. ਇਸਮਤ ਵਿਜੇ ਸਿੰਘ, ਡੀਐੱਸਪੀ ਮਨਦੀਪ ਕੌਰ ਤੇ ਸਰਪੰਚ ਗੁਰਧਿਆਨ ਸਿੰਘ ਆਦਿ ਮੌਜੂਦ ਸਨ।
ਸਿਹਤ ਮੰਤਰੀ ਨੇ ਲਚਕਾਣੀ ਦੀ ਸੜਕ ਦਾ ਨੀਂਹ ਪੱਥਰ ਰੱਖਿਆ
ਪਟਿਆਲਾ (ਖੇਤਰੀ ਪ੍ਰਤੀਨਿਧ): ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਿੰਡ ਲਚਕਾਣੀ (ਪਟਿਆਲਾ-ਭਾਦਸੋਂ ਰੋਡ ਤੋਂ ਲਚਕਾਣੀ ਤੱਕ) ਦੀ 1.7 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਸੜਕ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ 3.05 ਕਿਲੋਮੀਟਰ ਲੰਮੀ ਇਸ ਸੜਕ ਦਾ ਪਿੰਡ ਜੱਸੋਵਾਲ, ਸਿਊਣਾ, ਲੰਗ, ਰੌਗੰਲਾ, ਚਲੈਲਾ, ਅਮਾਮਪੁਰਾ ਤੇ ਫੱਗਣਮਾਜਰਾ ਦੇ ਵਸਨੀਕਾਂ ਤੋਂ ਇਲਾਵਾ ਭਾਦਸੋਂ ਰੋਡ ਤੋਂ ਸਰਹਿੰਦ ਰੋਡ ਜਾਣ ਵਾਲਿਆਂ ਨੂੰ ਵੀ ਵੱਡਾ ਲਾਭ ਹੋਵੇਗਾ। ਇਸ ਸੜਕ ਦੀ 5 ਸਾਲ ਸਾਂਭ-ਸੰਭਾਲ ਵੀ ਬਣਾਉਣ ਵਾਲੇ ਠੇਕੇਦਾਰ ਨੂੰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੰਤਰੀ ਨੇ ਅਧਿਕਾਰੀਆਂ ਨਾਲ ਪਟਿਆਲਾ ਤੋਂ ਨਾਭਾ ਸੜਕ ਨਾਲ ਜਾਂਦੀ ਪੱਟੀ ਦਾ ਦੌਰਾ ਕਰਦਿਆਂ ਵਣ ਰੇਂਜ ਅਫ਼ਸਰ ਵਿਦਿਆ ਸਾਗਰੀ ਨੂੰ ਹਦਾਇਤ ਕੀਤੀ ਕਿ ਸਾਰੀ ਸੜਕ ਦੇ ਨਾਲ-ਨਾਲ 15 ਹਜ਼ਾਰ ਦੇ ਕਰੀਬ ਅੰਬ, ਜਾਮਣ, ਆਮਲਾ, ਬਿੱਲ, ਜੰਡ, ਢੱਕ, ਪਲਾਸ, ਬੇਰੀਆਂ ਤੇ ਟਾਹਲੀ ਵਰਗੇ ਰਵਾਇਤੀ ਬੂਟੇ ਲਗਾਏ ਜਾਣ। ਉਨ੍ਹਾਂ ਕਿਹਾ ਕਿ ਰਸਤੇ ਵਿੱਚ ਜਿਥੇ ਪਿੰਡ ਆਉਂਦੇ ਹਨ, ਉਥੇ ਛੋਟੇ ਛੋਟੇ ਪਾਰਕ ਵਿਕਸਤ ਕੀਤੇ ਜਾਣ ਤਾਂ ਜੋ ਪਿੰਡ ਵਾਸੀ ਸਵੇਰੇ-ਸ਼ਾਮ ਸੈਰ ਕਰ ਸਕਣ। ਸਿਹਤ ਮੰਤਰੀ ਨੇ ਪਿੰਡ ਹਿਆਣਾ ਕਲਾਂ ਵਿੱਚ ਬੰਜਰ ਪਈ 200 ਬਿੱਘੇ ਜ਼ਮੀਨ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਥੇ ਕੁਝ ਖੇਤਰ ’ਚ ਵੇਟ ਲੈਂਡ ਬਣਾਈ ਜਾਵੇਗੀ ਅਤੇ ਢਾਈ ਸੌ ਏਕੜ ਜ਼ਮੀਨ ਨੂੰ ਇਥੋਂ ਡਰਿੱਪ ਇਰੀਗੇਸ਼ਨ ਨਾਲ ਪਾਣੀ ਦਿੱਤਾ ਜਾਵੇਗਾ। ਉਨ੍ਹਾਂ ਘਮਰੌਦਾ ਦੇ ਟੋਭੇ ਨੂੰ ਸੈਰਗਾਹ ਵਜੋਂ ਵਿਕਸਤ ਕਰਕੇ ਪਾਣੀ ਦੀ ਵਰਤੋਂ ਸਿੰਜਾਈ ਲਈ ਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਅਤੇ ਪਿੰਡ ਰੋਹਟੀ ਖਾਸ ਵਿੱਚ ਬਣੇ ਵਾਤਾਵਰਣ ਪਾਰਕ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਐੱਸਡੀਐੱਮ ਡਾ. ਇਸਮਤ ਵਿਜੈ ਸਿੰਘ, ਮੰਡੀ ਬੋਰਡ ਦੇ ਐਕਸੀਅਨ ਅੰਮ੍ਰਿਤਪਾਲ ਸਿੰਘ ਤੇ ਐੱਸਡੀਓ ਸਤਨਾਮ ਸਿੰਘ ਆਦਿ ਮੌਜੂਦ ਸਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ