ਡੇਂਗੂ ਦੇ ਵਧਦੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਨਿਗਮ ਵੱਲੋਂ ਫੌਗਿੰਗ ਮੁਹਿੰਮ ਤੇਜ਼
ਪਟਿਆਲਾ ਸ਼ਹਿਰ ਵਿੱਚ ਡੇਂਗੂ ਦੇ ਵਧ ਰਹੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਨਗਰ ਨਿਗਮ ਵੱਲੋਂ ਵੱਡੇ ਪੱਧਰ 'ਤੇ ਫੌਗਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਮੁਹਿੰਮ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਸ਼੍ਰੀ ਪਰਮਜੀਤ ਸਿੰਘ, ਆਈ ਏ ਐਸ ਦੀ ਨਿਗਰਾਨੀ ਹੇਠ ਪੂਰੇ ਜ਼ੋਰ ਸ਼ੋਰ ਨਾਲ ਚਲਾਈ ਜਾ ਰਹੀ ਹੈ।
ਗੱਲਬਾਤ ਦੌਰਾਨ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ, ਨਗਰ ਨਿਗਮ ਨੇ ਫੌਗਿੰਗ ਦੇ ਸਮੇਂ ਨੂੰ ਵਧਾ ਦਿੱਤਾ ਹੈ। ਹੁਣ ਸ਼ਹਿਰ ਦੇ ਸਾਰੇ ਵਾਰਡਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਦਿਨ ਵਿੱਚ ਦੋ ਵਾਰ ਸਵੇਰੇ 6:30 ਤੋਂ 8:30 ਵਜੇ ਤੱਕ ਅਤੇ ਸ਼ਾਮ 5:30 ਤੋਂ 7:30 ਵਜੇ ਤੱਕ ਫੌਗਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਨੁਸਾਰ, ਪਿਛਲੇ ਤਿੰਨ ਮਹੀਨਿਆਂ ਵਿੱਚ ਡੇਂਗੂ ਮਾਮਲਿਆਂ ਵਿੱਚ ਵਾਧੇ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ, ਜਦੋ ਕਿ ਪਹਿਲਾਂ ਫੌਗਿੰਗ ਸਿਰਫ਼ ਸ਼ਾਮ ਦੇ ਸਮੇਂ ਕੀਤੀ ਜਾਂਦੀ ਸੀ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹੈਲਥ ਟੀਮ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅੰਜ਼ਾਮ ਦੇਣ ਲਈ ਸਿਵਲ ਸਰਜਨ ਪਟਿਆਲਾ ਦੇ ਦਫ਼ਤਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸਦੇ ਨਾਲ ਨਾਲ, ਮੱਛਰਾਂ ਦੀਆਂ ਬਰੀਡਿੰਗ ਸਾਈਟਾਂ ਖ਼ਿਲਾਫ਼ ਕਾਰਵਾਈ ਅਤੇ ਗੰਦਗੀ ਫੈਲਾਉਣ ਵਾਲਿਆਂ ਉਪਰ ਚਲਾਨਿੰਗ ਮੁਹਿੰਮ ਵੀ ਤੇਜ਼ ਕਰ ਦਿੱਤੀ ਗਈ ਹੈ।
ਉਨ੍ਹਾਂ ਹੋਰ ਕਿਹਾ ਕਿ ਜਨਤਕ ਜਾਗਰੂਕਤਾ ਨੂੰ ਵਧਾਉਣ ਲਈ ਹਰ ਸ਼ੁੱਕਰਵਾਰ ਨੂੰ “ਡ੍ਰਾਈ ਡੇ” ਮਨਾਇਆ ਜਾ ਰਿਹਾ ਹੈ। ਇਸ ਰਾਹੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਹਟਾਉਣ ਅਤੇ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਗਰ ਨਿਗਮ ਦੀ ਦੇਖ-ਰੇਖ ਹੇਠ ਐਨਜੀਓਜ਼ ਵੱਲੋਂ ਨੁੱਕੜ ਨਾਟਕਾਂ ਰਾਹੀਂ ਡੇਂਗੂ ਰੋਕਥਾਮ ਬਾਰੇ ਸਿੱਖਿਆ ਵੀ ਦਿੱਤੀ ਜਾ ਰਹੀ ਹੈ।
ਆਖਰ ਵਿਚ ਮੇਅਰ ਕੁੰਦਨ ਗੋਗੀਆ ਨੇ ਸ਼ਹਿਰਵਾਸੀਆਂ ਨੂੰ ਭਰੋਸਾ ਦਿੱਤਾ ਕਿ ਡੇਂਗੂ ਉੱਤੇ ਕਾਬੂ ਪਾਉਣਾ ਨਗਰ ਨਿਗਮ ਦੀ ਪਹਿਲੀ ਜਿੰਮੇਵਾਰੀ ਹੈ ਅਤੇ ਸ਼ਹਿਰਵਾਸੀਆਂ ਦੀ ਸਿਹਤ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।